Sant Baba Jawala Singh Ji Harkhowal Wale

ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ 21 ਵੈਸਾਖ ਸੰਨ 1946 ਬਿਕ੍ਰਮੀ ਮੁਤਾਬਿਕ 3 ਮਈ 1889 ਈਸਵੀ ਦਿਨ ਐਤਵਾਰ ਨੂੰ ਜ਼ਿਲਾ ਹੁਸਿਆਰਪੁਰ ਦੇ ਪਿੰਡ ਲੰਗੇਰੀ ਵਿਚ ਹੋਇਆ । ਆਪ ਦੇ ਪਿਤਾ ਜੀ ਦਾ ਨਾਮ ਸ: ਨਾਰਾਇਣ ਸਿੰਘ ਅਤੇ ਮਾਤਾ ਜੀ ਦਾ ਨਾਮ ਬੀਬੀ ਰਾਜ ਕੌਰ ਸੀ । ਪਿੰਡ ਲੰਗੇਰੀ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਕੁਮਾ ਸਿੰਘ ਨੇ ਵਸਾਇਆ ਸੀ । ਭਾਈ ਕੁਮਾ ਸਿੰਘ ਜੀ ਨੇ ਸਤਿਗੁਰੂ ਜੀ ਦੇ ਲਾਂਗਰੀ ਹੋਣ ਦੀ ਹੈਸੀਅਤ ਕਰਕੇ ਪਿੰਡ ਦਾ ਨਾਂ ਲੰਗੇਰੀ ਰਖਿਆ । ਬਾਬਾ ਕੁਮਾ ਸਿੰਘ ਜੀ ਦੇ ਘਰ ਗੁਰੂ ਦੀ ਬਖਸ਼ੀਸ਼ਾਂ ਸਦਕਾ ਇਕ ਪੁਤੱਰ ਨੇ ਜਨਮ ਲਿਆ, ਜਿਸ ਨਾਂ ਬਹਾਦਰ ਰਖਿਆ ਗਿਆ । ਬਹਾਦਰ ਸਿੰਘ ਸਜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਭੌਰੇ ਬਣੇ ਤੇ ਤੱਤ ਖਾਲਸੇ ਦੇ ਕਈ ਯੁਧਾਂ ਵਿਚ ਆਪ ਵਦ-ਚੜ੍ਹ ਕੇ ਹਿੱਸਾ ਲੈਂਦੇ ਸਨ । ਬਾਬਾ ਬਹਾਦਰ ਸਿੰਘ ਜੀ ਦੇ ਦੋ ਸਪੁਤਰ ਬਾਬਾ ਕਾਲਾ ਸਿੰਘ ਤੇ ਬਾਬਾ ਆਲਾ ਸਿੰਘ ਜੀ ਸਨ । ਅਗੋਂ ਆਲਾ ਸਿੰਘ ਜੀ ਦੇ ਛੇ ਪੁੱਤਰ -- ਗੁਲਾਬ ਸਿੰਘ, ਹਮੀਰ ਸਿੰਘ, ਵਜ਼ੀਰ ਸਿੰਘ, ਹਾਕਮ ਸਿੰਘ, ਹੀਰਾ ਸਿੰਘ ਤੇ ਖਜ਼ਾਨ ਸਿੰਘ ਜੀ ਸਨ । ਬਾਬਾ ਕਾਲਾ ਸਿੰਘ ਜੀ ਦੇ ਪੁਤੱਰ ਸ: ਨਾਰਾਇਣ ਸਿੰਘ ਦੇ ਪੁਤੱਰ ਸਨ ਬਾਬਾ ਜਵਾਲਾ ਸਿੰਘ ਜੀ ਮਾਹਾਰਾਜ ਨਾਮ-ਰਸੀਏ, ਪੂਰਨ ਬ੍ਰਹਮਗਿਅਨੀ ਸਨ ।