"ਮੈਂ ਤੇ ਰਬਾਬ, ਕੱਠੇ ਹਾਂ ਸੌਂਦੇ"— a Punjabi poem by Bhai Baldeep Singh [Rabāba and I, sleep together]
Автор: Bhai Baldeep Singh (Anād)
Загружено: 2022-01-05
Просмотров: 760
ਮੈਂ ਤੇ ਰਬਾਬ
ਕੱਠੇ ਹਾਂ ਸੌਂਦੇ
ਅਹੀਂ ਦੋਹੇ ਭੋਗੀ
ਅਹੀਂ ਦੋਹੇ ਜੋਗੀ
ਰਬਾਬ ਹਰ ਵਾਰ
ਸ਼ਿਖਰ ਪੁੱਜਦੀ ਹੈ
ਬਸ, ਹਰਿ ਪੂਜਦੀ ਹੈ
ਰਬਾਬ ਨੂੰ ਮੈਂਡੜੀਆਂ
ਉਂਗਲਾਂ ਬਹੁ ਪਸੰਦ ਨੇ
ਕਿ ਉਸਨੂੰ
ਇਹਨਾਂ ਹੱਥਾਂ ਨੇ
ਹਰਭਜਨ ਲਈ
ਬਣਾਇਆ ਵੀ ਹੈ
ਸ੍ਰਜਾਇਆ ਵੀ ਹੈ
ਵਜਾਵਿਆ ਭੀ ਹੈ
ਰਬਾਬ ਆਪਣੀ ਹਰ ਤੰਦ ਉੱਤੇ
ਮੈਂਡੜੀਆਂ ਉਂਗਲੀਆਂ
ਉਂਗਲੀਆਂ ਦੇ ਪੋਟੇ
ਪੋਟਿਆਂ ਤੇ ਸ੍ਰਿੰਗਾਰੇ ਨੌਹਾਂ ਤੋਂ
ਰੱਜ ਰੱਜ ਤਾਂਡਵ ਕਰਵਾਉਂਦੀ
ਰਬਾਬ ਆਪਣੇ ਆਪ ਨੂੰ
ਸੁਰ ਕਰਵਾ ਕੇ ਬਹੁ ਖੁਸ਼ ਹੁੰਦੀ ਹੈ
ਰਬਾਬ ਤੇ ਤਰਬਾਂ ਨਹੀਂ ਹਨ
ਛੇ ਤੰਦਾਂ ਲੱਗੀਆਂ ਹਨ
ਇਹ ਤੰਦਾਂ ਮਿੱਮੋ ਪੈਰੂਫਫ਼ੋ ਨੇ
ਆਪਣੇ ਹੱਥੀਂ ਬਣਾਈਆਂ ਨੇ
ਮਿੱਮੋ ਵਿਚੈਂਸਾ ਸ਼ਹਿਰ ਰਹਿੰਦਾ ਹੈ
ਰਬਾਬ ਦੀਆਂ ਖੂੰਟੀਆਂ
ਰੋਹਿਤ ਨੇ ਬਣਵਾਈਆਂ ਸਨ
ਇਹਨਾਂ ਦਾ ਰੂਪ ਅਸਾਂ ਸਿਰਜਿਆ ਸਾ
ਰਬਾਬ ਅਸਾਂ ਆਪ ਬਣਾਵੀ ਸੈ
ਬਣਾਉਂਦਿਆਂ ਨਾਲ
ਜਗਮਿੰਦਰ ਤੇ ਪਰਮਿੰਦਰ ਨੂੰ
ਬਣਾਵਣੇ ਦੀ ਸਿੱਖਿਆ ਬਖਸੀ ਸੈ
ਲੱਖਾਂ ਹੀ ਕੇਰੀਆ ਲਾਕਾ ਨੇ
ਰਲ ਕੇ ਲਾਖ ਬਣਾਵੀ ਸੈ
ਲਾਖ ਦੀ ਗੁਥਾਈ
ਪਰਮਿੰਦਰ ਨੇ ਕੀਤੀ
ਲੇਲੇ ਦੀ ਖਲ਼ ਅਸੀਂ ਆਪ ਚਾੜ੍ਹਦੇ ਹਾਂ
ਖਲ਼ ਚਾੜਣ ਦੀ ਤਾਂ ਸਾਡੜੀ
ਖਾਸ ਬਿਧੀ ਹੈ
ਰਬਾਬ ਨੂੰ ਰਾਗ ਬਹੁ ਪਸੰਦ ਨੇ
ਇਸਦੀ ਮੀਂਡ ਦਾ ਤਾ
ਕੋਈ ਜਵਾਬ ਨਹੀਂ
ਕਈ ਵਾਰ ਤਾਂ
ਕਾਹਲ਼ੀ ਕਾਹਲ਼ੀ ਰਾਗ ਵਟਵਾਉਂਦੀ
ਕਦੇ ਕਦੇ ਇੱਕੋ ਰਾਗ ਦਾ
ਕਈ ਕਈ ਘੰਟੇ
ਕਈ ਕਈ ਦਿਨ
ਰਾਗ ਆਲਾਪ ਵਜਵਾਂਵਦੀ
ਰਬਾਬ ਸੁਪਨੇ ਲੈਂਦੀ ਹੁੰਦੀ ਹੈ
ਮੈਂ ਉਸਨੂੰ ਸੁਪਨੇ ਲੈਂਦੇ
ਲੰਬਾ ਲੰਬਾ ਚਿਰ
ਤੱਕਦਾ ਰਹਿੰਦਾ ਹਾਂ
ਉਹ ਚੁੱਪਚਾਪ ਸੁਪਨਿਆਂ 'ਚ
ਆਪਣੇ ਆਪ ਨੂੰ ਵਜਵਾਉਂਦੀ ਹੈ
ਭਾਈ ਮਰਦਾਨਾ ਦੇ ਕਰਕਮਲਾਂ ਤੋਂ
ਉਹੁ ਸੁਪਨਿਆਂ 'ਚ
ਬਾਬੇ ਤੋਂ ਹੀ
ਬਾਬੇ ਦੇ ਗਾਵੇ
ਗੀਤ ਸਾ ਸੁਣਦੀ
ਰਬਾਬ ਸੁਪਨਿਆਂ ਵਿੱਚ
ਪੰਚਮ ਗੁਰੋਂ ਵੱਜਦੀ
ਦਸਮ ਗੁਰੋਂ ਵੱਜਦੀ
ਰਬਾਬ ਆਸ ਧਾਰੀ ਬੈਠੀ ਹੈ
ਕਿ ਇਕ ਦਿਨ
ਅਸਾਂ ਨੂੰ ਭੀ
ਬਾਬੇਕੇ ਭਾਈ ਜੀ ਵਾੱਕਣ
ਵਜਾਵਣਾ ਆ ਜਾਵੇ
ਦਰਅਸਲ ਉਹ
ਭਾਈ ਮਰਦਾਨਾ ਦੇ
ਤੇ ਗੁਰਾਂ ਦੇ
ਕਰਕਮਲ ਹੀ ਤਰਸਦੀ ਹੈ
ਪਰ ਰਬਾਬ ਬਹੁ ਖੁਸ਼ ਹੈ
ਕਿ ਅਸਾਂ ਉਸਨੂੰ ਬਣਾਵਿਆ ਹੈ
ਫਿਰ ਜੀਵਨ ਬਖਸ਼ਿਆ ਹੈ
ਉਹ ਅਸਾਂਨੂੰ ਹੀ ਆਪ ਦਾ
ਜੀਵਨਦਾਤਾ ਮੰਨਦੀ ਹੈ
ਭਾਂਵੇਂ ਮੁਝਨੂੰ ਭੀ
ਹਰਿਪੁਰਖ ਜੀ ਨੇ
ਜੀਵਨ ਦਾਤ ਬਖਸੀ ਸੈ
ਹਾਂ
ਮੈਂ ਵੀ ਖੁਸ਼ ਹਾਂ
ਮੇਰੇ ਹੱਥੀਂ ਬਣੀ ਰਬਾਬ
ਮੇਰੇ ਨਾਲ ਸੇਜ ਤੇ
ਗਾਵਿਆ ਕਰਦੀ ਹੈ
ਮੈਂ ਅੱਖੀਆਂ ਮੂੰਦ
ਉਸ ਵਜਾਵਦਾਂ
ਰਬਾਬ
ਆਪਣੀ ਅੱਖੀਆਂ ਖੋਲਣ ਤੋਂ
ਅਸਮਰੱਥ ਹੈ
ਰਬਾਬ
ਮੇਰੇ ਇਸ਼ਕ ਦੀ ਵਾਕਫ਼ ਹੈ
ਉਹ ਮੇਰੇ ਅੰਤਰਿ ਦੀ ਜਾਣਦੀ ਹੈ
ਉਹ ਸਭ ਮਹਿਸੂਸ ਕਰ ਲੈਂਦੀ ਹੈ
ਰਬਾਬ ਨੂੰ
ਅਸਾਡੀ ਗਲਵੱਕੜੀ
ਬਹੁ ਪਸੰਦ ਹੈ
ਰਬਾਬ ਨੂੰ
ਮੈਂ ਕਈ ਵਾਰ
ਭੋਗਜੋਗ ਕੇ ਚੁੰਮਦਾਂ
ਮੇਰੀ ਰਬਾਬ
ਬੋਲਿਆ ਕਰਦੀ ਹੈ
ਤੂੰ
ਤੂੰ
ਹੀ
ਹੀ
ਤੁਹੀ ਤੁਹੀ
ਤੁਹੀ ਤੁਹੀ
ਤੂੰ ਤੂੰ ਤੂੰ
ਗੁਰੂ ਗੁਰੂ ਗੁਰ
ਗੁਰੂ ਗੁਰੂ ਗੁਰ
ਤੂੰ ਤੂੰ ਤੁਹੀ
ਤੂੰ ਤੂੰ ਤੁਹੀ
ਧੰਨ ਨਿਰੰਕਾਰ
ਧੰਨ ਨਿਰੰਕਾਰ
ਸਤਿ ਕਰਤਾਰ
ਸਤਿ ਕਰਤਾਰ
ਬ੍ਰਹਮ
ਬ੍ਰਹਮ
ਬ੍ਰਹਮ
ਬ੍ਰਹਮ
ਬ੍ਰਹਮ
ਬ੍ਰਹਮ
ਬ੍ਰਹਮ
ਬ੍ਰਹਮ
ਬ੍ਰਹਮ!
ਬ੍ਰਹਮ!
ਬ੍ਰਹਮ!
Bhai Baldeep Singh
00:47 AM, 2021 12 28
Nizamuddin East
Доступные форматы для скачивания:
Скачать видео mp4
-
Информация по загрузке: